ਅਹਿਮਦ ਗੁੱਜਰ ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਅਹਿਮਦ ਗੁੱਜਰ : ਹੀਰ ਦਾ ਕਿੱਸਾ ਲਿਖਣ ਵਾਲੇ ਸ਼ਾਇਰਾਂ ਵਿੱਚ ਇਤਿਹਾਸਿਕ ਨੁਕਤਾ-ਨਿਗਾਹ ਤੋਂ ਅਹਿਮਦ ਗੁੱਜਰ ਨੂੰ ਵਿਸ਼ੇਸ਼ ਸਥਾਨ ਪ੍ਰਾਪਤ ਹੈ। ਅਹਿਮਦ ਉਹ ਸ਼ਾਇਰ ਹੈ ਜਿਸਨੇ ਇਹ ਕਿੱਸਾ ਲਿਖਣ ਲਈ ਪਹਿਲੀ ਵਾਰ ਬੈਂਤ ਛੰਦ ਦੀ ਵਰਤੋਂ ਕੀਤੀ। ਭਾਵੇਂ ਵਾਰਿਸ ਸ਼ਾਹ ਵਰਗੀ ਪ੍ਰਸਿੱਧੀ ਉਸ ਦੇ ਨਸੀਬ ਵਿੱਚ ਨਹੀਂ ਆਈ ਪਰ ਉਸ ਤੋਂ ਵਾਰਿਸ ਬਹੁਤ ਪ੍ਰਭਾਵਿਤ ਸੀ। ਵਾਰਿਸ ਨਾ ਸਿਰਫ਼ ਬੈਂਤ ਛੰਦ ਦੀ ਵਰਤੋਂ ਵਿੱਚ ਅਹਿਮਦ ਦੇ ਪਾਏ ਰਾਹ ਉੱਤੇ ਤੁਰਿਆ ਸਗੋਂ ਉਸ ਨੇ ਹੋਰ ਕਈ ਪੱਖਾਂ ਵਿੱਚ ਵੀ ਅਹਿਮਦ ਗੁੱਜਰ ਦੀ ਨਕਲ ਕੀਤੀ। ਵਾਰਿਸ ਸ਼ਾਹ ਦੇ ਕਿੱਸੇ ਦੇ ਅਨੇਕਾਂ ਪ੍ਰਸਿੱਧ ਬੰਦ ਸਪਸ਼ਟ ਤੌਰ `ਤੇ ਅਹਿਮਦ ਦੇ ਕਿੱਸੇ ਵਿੱਚੋਂ ਆਏ ਪ੍ਰਤੀਤ ਹੁੰਦੇ ਹਨ। ਮੁਕਬਲ ਦੇ ਕਿੱਸੇ ਵਿੱਚ ਵੀ ਸੈਂਕੜੇ ਪੰਕਤੀਆਂ ਅਜਿਹੀਆਂ ਹਨ ਜੋ ਜਾਂ ਤਾਂ ਉੱਕਾ ਹੀ ਅਹਿਮਦ ਦੀ ਰਚਨਾ ਨਾਲ ਮਿਲਦੀਆਂ ਹਨ ਜਾਂ ਉਹਨਾਂ ਨੂੰ ਥੋੜ੍ਹੇ ਬਹੁਤ ਫ਼ਰਕ ਨਾਲ ਕਿੱਸੇ ਵਿੱਚ ਸ਼ਾਮਲ ਕਰ ਲਿਆ ਗਿਆ ਹੈ। ਇਹ ਅਨੁਮਾਨ ਲਾਇਆ ਜਾਂਦਾ ਹੈ ਕਿ ਵਾਰਿਸ ਤੇ ਮੁਕਬਲ ਤੋਂ ਪਹਿਲਾਂ ਅਹਿਮਦ ਦਾ ਕਿੱਸਾ ਲੋਕਾਂ ਵਿੱਚ ਬਹੁਤ ਪ੍ਰਚਲਿਤ ਰਿਹਾ ਹੋਵੇਗਾ। ਮਗਰੋਂ ਵਾਰਿਸ ਦੀ ਮਕਬੂਲੀਅਤ ਅੱਗੇ ਅਹਿਮਦ ਦੀ ਰਚਨਾ ਮੱਧਮ ਪੈ ਗਈ। ਦਮੋਦਰ ਤੋਂ ਪਿੱਛੋਂ ਹੀਰ ਦਾ ਕਿੱਸਾ ਲਿਖਣ ਵਾਲਾ ਅਹਿਮਦ ਦੂਸਰਾ ਮਹੱਤਵਪੂਰਨ ਕਿੱਸਾਕਾਰ ਹੈ। ਦਮੋਦਰ ਨੇ ਹੀਰ ਦਾ ਕਿੱਸਾ ਪਹਿਲੀ ਵਾਰ ਲਿਖ ਕੇ ਜੇ ਇੱਕ ਪ੍ਰਥਾ ਤੋਰੀ ਸੀ ਤਾਂ ਅਹਿਮਦ ਦਾ ਮਹੱਤਵ ਇਸ ਤੱਥ ਵਿੱਚ ਹੈ ਕਿ ਉਸ ਨੇ ਦਮੋਦਰ ਦੀ ਪ੍ਰਥਾ ਤੋਂ ਰਤਾ ਹੱਟ ਕੇ ਇਸ ਕਿੱਸੇ ਦੀ ਇੱਕ ਪਰੰਪਰਾ ਅਰੰਭ ਕੀਤੀ ਜਿਸਦੀ ਵਾਰਿਸ ਸ਼ਾਹ ਸਮੇਤ ਮਗਰੋਂ ਆਉਣ ਵਾਲੇ ਕਿੱਸਾਕਾਰਾਂ ਨੇ ਪੈਰਵੀ ਕੀਤੀ।

     ਅਹਿਮਦ ਅਤੇ ਉਸ ਦੀ ਰਚਨਾ ਹੀਰ ਬਾਰੇ ਪਿਆਰਾ ਸਿੰਘ ਪਦਮ ਅਤੇ ਪ੍ਰੋ. ਸ.ਸ. ਪਦਮ ਆਦਿ ਵਿਦਵਾਨਾਂ ਨੇ ਖੋਜ ਤੇ ਸੰਪਾਦਨ ਦਾ ਕੰਮ ਕੀਤਾ ਹੈ। ਕੋਈ ਵੀ ਵਿਦਵਾਨ ਉਸ ਦੀ ਜੀਵਨੀ ਬਾਰੇ ਕੋਈ ਮਹੱਤਵਪੂਰਨ ਜਾਣਕਾਰੀ ਨਹੀਂ ਜੁਟਾ ਸਕਿਆ। ਸ.ਸ. ਪਦਮ, ਜਿਸਨੇ ਪਹਿਲੀ ਵਾਰ ਵੱਖ-ਵੱਖ ਹੱਥ-ਲਿਖਤਾਂ ਦਾ ਤੁਲਨਾਤਮਿਕ ਅਧਿਐਨ ਕਰ ਕੇ ਅਹਿਮਦ ਦੇ ਕਿੱਸੇ ਨੂੰ 1960 ਵਿੱਚ ਪੁਸਤਕ ਰੂਪ ਵਿੱਚ ਛਪਵਾਇਆ, ਦਾ ਕਹਿਣਾ ਸੀ ਕਿ ਅਹਿਮਦ ਦੇ ਜੀਵਨ ਸਮਾਚਾਰਾਂ ਬਾਰੇ ਜਾਣਕਾਰੀ ਦੀ ਲਗਪਗ ਅਣਹੋਂਦ ਹੀ ਹੈ। ਉਸ ਦੇ ਸ਼ਬਦਾਂ ਵਿੱਚ :

      ਅਹਿਮਦ ਦੀ ਜੀਵਨੀ ਤਾਂ ਇੱਕ ਪਾਸੇ, ਉਸ ਦੇ ਪੂਰੇ ਨਾਉਂ ਦਾ ਵੀ ਪਤਾ ਨਹੀਂ ਲੱਗਦਾ ਉਸ ਦੀ ਰਚਨਾ ਵਿੱਚ ਕਈ ਥਾਂ ਨਾਂ ਆਇਆ ਤਾਂ ਹੈ       ਪਰ ਸਿਰਫ਼ ਅਹਿਮਦ ਕਰ ਕੇ, ਅੱਗਾ-ਪਿੱਛਾ ਕੋਈ ਨਹੀਂ ਅਬਦੁਲ ਗਫੂਰ ਕੁਰੈਸ਼ੀ ਹੋਰਾਂ ਆਪਣੀ ਪੁਸਤਕਪੰਜਾਬੀ ਜ਼ਬਾਨ ਦਾ ਅਦਬ ਤੇ      ਤਾਰੀਖ` ਵਿੱਚ ਇਸ ਕਵੀ ਦਾ ਨਾਂ ਅਹਿਮਦ ਸ਼ਾਹ ਕਰ ਕੇ ਦਿੱਤਾ ਹੈ, ਬਾਵਾ ਬੁੱਧ ਸਿੰਘ ਨੇ ਅਹਿਮਦ ਕਵੀ ਬਾਕੀ ਆਮ ਕਰ ਕੇ        ਇਤਿਹਾਸਕਾਰਾਂ ਨੇ ਇਸ ਕਵੀ ਨੂੰ ਅਹਿਮਦ ਕਰ ਕੇ ਹੀ ਲਿਖਿਆ ਹੈ

     ਸ਼ਮਸ਼ੇਰ ਸਿੰਘ ਅਸ਼ੋਕ ਨੇ ਅਹਿਮਦ ਦੇ ਜਾਤ ਦਾ ਗੁੱਜਰ ਹੋਣ ਬਾਰੇ ਦੱਸ ਪਾਈ ਸੀ। ਇਸ ਦਾ ਆਧਾਰ ਸ਼ਾਇਦ ਪਬਲਿਕ ਲਾਇਬਰੇਰੀ ਪਟਿਆਲਾ ਵਿੱਚ ਹੀਰ ਅਹਿਮਦ ਨਾਂ ਦੀ ਇੱਕ ਪੁਰਾਣੀ ਹੱਥ-ਲਿਖਤ ਉੱਤੇ ਲਿਖੀ ਇਹ ਸਤਰ ਹੈ, ਕਥਾ ਹੀਰ ਤੇ ਰਾਂਝੇ ਦੀ ਕਬਿ ਅਹਿਮ ਗੁੱਜਰ ਕੀਤੀ ਸ਼ਮਸ਼ੇਰ ਸਿੰਘ ਅਸ਼ੋਕ ਨੇ ਕਿੱਸੇ ਦੀ ਬੋਲੀ ਨੂੰ ਸਾਂਦਲ ਬਾਰ ਦੇ ਜਾਂਗਲੀ ਇਲਾਕੇ ਦੀ ਬੋਲੀ ਮੰਨ ਕੇ ਅਤੇ ਇਸੇ ਆਧਾਰ ਉੱਤੇ ਜੇ ਅੰਦਾਜ਼ਾ ਲਾਇਆ ਕਿ ਅਹਿਮਦ ਝੰਗ ਦੇ ਇਲਾਕੇ ਦਾ ਵਾਸੀ ਸੀ ਤਾਂ ਪਿਆਰਾ ਸਿੰਘ ਪਦਮ ਨੇ ਉਸਨੂੰ ਮਾਲਵੇ ਨਾਲ ਸੰਬੰਧਿਤ ਕੀਤਾ। ਵੈਸੇ ਉਸ ਦੀ ਬੋਲੀ ਵਿੱਚ ਝਾਂਗੀ ਦੀ ਝਲਕ ਤਾਂ ਅਵੱਸ਼ ਹੈ ਪਰ ਉਹ ਪੂਰੀ ਤਰ੍ਹਾਂ ਝਾਂਗੀ ਨਹੀਂ ਸਗੋਂ ਬਹੁਤ ਹਾਲਤਾਂ ਵਿੱਚ ਉਸਨੂੰ ਕੇਂਦਰੀ ਪੰਜਾਬੀ ਦੀ ਵਰਤੋਂ ਕਰਨ ਵਾਲਾ ਮੁਢਲਾ ਕਵੀ ਮੰਨਿਆ ਗਿਆ ਹੈ।

     ਅੰਦਰਲੀ ਗਵਾਹੀ ਤੋਂ ਪਤਾ ਲੱਗਦਾ ਹੈ ਕਿ ਅਹਿਮਦ ਨੇ ਆਪਣਾ ਕਿੱਸਾ ਔਰੰਗਜ਼ੇਬ ਦੇ ਸਮੇਂ ਲਿਖਿਆ। ਕਿੱਸੇ ਦੇ ਅਖੀਰ ਸਿੰਘ ਇਸਦੇ ਮੁਕੰਮਲ ਹੋਣ ਦਾ ਸੰਨ ਦਰਜ ਹੈ:

     ਸਨ ਬੀਸ ਤੇ ਚਾਰ ਔਰੰਗਸ਼ਾਹੀ,

     ਕਥਾ ਹੀਰ ਤੇ ਰਾਂਝੇ ਦੀ ਹੋਈ ਪੂਰੀ

     ਅਹਿਮਦ ਦਾ ਕਿੱਸਾ ਆਕਾਰ ਵਿੱਚ ਮੁਕਾਬਲਤਨ ਛੋਟਾ ਹੈ। ਇਸ ਵਿੱਚ ਕੁਲ 236 ਬੈਂਤ ਹਨ। ਇਸ ਤਰ੍ਹਾਂ ਇਹ ਵਾਰਿਸ ਦੇ ਕਿੱਸੇ ਦੇ ਆਕਾਰ ਦਾ ਲਗਪਗ ਤੀਜਾ ਹਿੱਸਾ ਹੈ। ਇਸ ਵਿੱਚ ਉਸ ਭਾਂਤ ਦਾ ਵਿਸਥਾਰ ਨਹੀਂ ਜੋ ਵਾਰਿਸ ਦੇ ਕਿੱਸੇ ਵਿੱਚ ਪ੍ਰਾਪਤ ਹੈ। ਸੱਚ ਤਾਂ ਇਹ ਹੈ ਕਿ ਸੰਖੇਪਤਾ ਵਿੱਚ ਹੀ ਅਹਿਮਦ ਦੀ ਕਲਾਤਮਿਕਤਾ ਮੌਜੂਦ ਹੈ। ਕਿੱਸੇ ਦੀ ਕਹਾਣੀ ਲਗਪਗ ਉਹੀ ਹੈ ਜਿਸਨੂੰ ਮਗਰੋਂ ਵਾਰਿਸ ਸ਼ਾਹ ਸਮੇਤ ਬਾਕੀ ਸਭ ਕਿੱਸਾਕਾਰਾਂ ਨੇ ਪ੍ਰਚਲਿਤ ਕੀਤਾ। ਪਰ ਇੱਕ ਵੱਡਾ ਫ਼ਰਕ ਇਹ ਹੈ ਕਿ ਅਹਿਮਦ ਨੇ ਰਾਂਝੇ ਦੇ ਘਰ ਛੱਡਣ ਦਾ ਕਾਰਨ ਭਾਬੀਆਂ ਵੱਲੋਂ ਮਿਹਣੇ ਮਾਰਨਾ ਜਾਂ ਭਰਾਵਾਂ ਦਾ ਸਾੜਾ ਨਹੀਂ ਸਗੋਂ ਆਰਥਿਕ ਤੰਗੀ ਨੂੰ ਦੱਸਿਆ ਹੈ। ਰਾਂਝਾ ਰਾਠਾਂ ਦੇ ਖ਼ਾਨਦਾਨ ਦਾ ਚਿਰਾਗ਼ ਨਹੀਂ, ਸਧਾਰਨ ਕਿਰਸਾਣ ਦਾ ਪੁੱਤਰ ਹੈ। ਇਸ ਤਰ੍ਹਾਂ, ਜਿਵੇਂ ਕਿ ਸ.ਸ. ਪਦਮ ਨੇ ਕਿਹਾ ਹੈ ਕਿ ਅਹਿਮਦ ਨੇ ਨਾ ਸਿਰਫ਼ ਕਹਾਣੀ ਨੂੰ ਵਧੇਰੇ ਯਥਾਰਥਿਕ ਤੇ ਮੰਨਣਯੋਗ ਬਣਾਇਆ ਸਗੋਂ ਆਪਣੇ ਸਮੇਂ ਨਾਲ ਵੀ ਇਨਸਾਫ਼ ਕੀਤਾ। ਕਹਾਣੀ ਦੇ ਅਖੀਰ ਵਿੱਚ ਜਦੋਂ ਹੀਰ ਰਾਂਝਾ ਅਤੇ ਖੇੜੇ ਅਦਲੀ ਰਾਜੇ ਦੇ ਦਰਬਾਰ ਵਿੱਚ ਪੇਸ਼ ਹੁੰਦੇ ਹਨ ਤਾਂ ਖੇੜੇ ਆਪਣੇ ਬਿਆਨ ਵਿੱਚ ਰਾਂਝੇ ਦੇ ਘਰ ਛੱਡਣ ਅਤੇ ਸਿਆਲਾਂ ਪਾਸ ਜਾ ਕੇ ਮੱਝੀਆਂ ਦਾ ਚਾਕ ਬਣਨ ਦਾ ਕਾਰਨ ਇਹ ਦੱਸਦੇ ਹਨ:

      ਜਦੋਂ ਟਕੇ ਸਰਸਾਹੀ ਸੀ ਅੰਨ ਲੱਗਾ,

      ਤਦੋਂ ਕੜਕਿਆ ਸੀ ਵੱਡਾ ਕਾਲ ਮੀਆਂ

      ਭੁੱਖਾ ਮਰਦਾ ਸੀ ਟੁਕੜੀਂ ਪਾਏ ਲੀਤਾ,

      ਕੀਤਾ ਚੂਚਕੇ ਮੇਹੀਂ ਦਾ ਪਾਲ ਮੀਆਂ

      ਮੇਹੀਂ ਚਾਰ ਕੇ ਸੱਚਿਆਂ ਦਾਅਵਿਆਂ `ਤੇ,

      ਬਹੁਤ ਜਾਣਦਾ ਇਹ ਤੀਤਾਲ ਮੀਆਂ

      ਹੱਕ ਕਰੀਂ ਜਿਉਂ ਉਮਰ ਖਤਾਬ ਕੀਤਾ,

      ਗਲ ਸਾਡਿਉਂ ਲਾਹ ਜੰਜਾਲ ਮੀਆਂ

     ਅਹਿਮਦ ਦੇ ਕਿੱਸੇ ਵਿੱਚ ਭਾਵੇਂ ਵਾਰਿਸ ਦੀ ਰਚਨਾ ਵਾਂਗ ਲੰਮੇ ਸੰਵਾਦ ਨਹੀਂ ਪਰ ਉਸ ਵਿੱਚ ਪਾਤਰਾਂ ਦੇ ਸੁਭਾਅ-ਚਿੱਤਰ ਨੂੰ ਉਘਾੜਨ ਅਤੇ ਨਾਟਕੀਅਤਾ ਦਾ ਰੰਗ ਭਰਨ ਦਾ ਗੁਣ ਅਵੱਸ਼ ਹੈ। ਮੁਹਾਵਰੇਦਾਰ ਬੋਲੀ ਦੀ ਵਰਤੋਂ ਅਤੇ ਅਲੰਕਾਰਾਂ ਦੀ ਜੜਤ ਵਿੱਚ ਵੀ ਉਸਨੂੰ ਕਮਾਲ ਹਾਸਲ ਹੈ। ਆਮ ਬੋਲ-ਚਾਲ ਵਿੱਚ ਵਰਤੇ ਜਾਂਦੇ ਮੁਹਾਵਰੇ ਅਹਿਮਦ ਦੀ ਰਚਨਾ ਵਿੱਚ ਥਾਂ-ਥਾਂ ਪਰੋਏ ਮਿਲਦੇ ਹਨ :

     ਨੈਣ ਹੀਰ ਤੇ ਰਾਂਝੇ ਦੇ ਕਰਨ ਸੌਦਾ,

     ਇਸ਼ਕ ਦੋਹਾਂ ਦੇ ਵਿੱਚ ਦਲਾਲ ਮੀਆਂ

     ਖਰਾ ਕਠਨ ਦਰਿਆਉ ਹੈ ਇਸ਼ਕ ਵਾਲਾ,

     ਦਰਦ ਤੁਲ੍ਹੜਾ ਬੰਨ੍ਹਕੇ ਪਾਰ ਤਰੀਏ

     ਤਾਬ ਝੱਲਣੀ ਕੰਮ ਹੈ ਸੂਰਿਆਂ ਦਾ,

      ਆਂਚ ਅੱਗ ਤੇ ਲੋਹੇ ਦੀ ਖਰੀ ਭਾਰੀ

     ਅਹਿਮਦ ਗੁੱਜਰ ਦੀ ਰਚਨਾ ਆਪਣੇ ਸਾਹਿਤਿਕ ਗੁਣਾਂ ਅਤੇ ਹੀਰ-ਸਾਹਿਤ ਵਿੱਚ ਆਪਣੇ ਇਤਿਹਾਸਿਕ ਸਥਾਨ ਕਰ ਕੇ ਕਿਸੇ ਵੀ ਤਰ੍ਹਾਂ ਅਣਗੌਲੀ ਨਹੀਂ ਕੀਤੀ ਜਾ ਸਕਦੀ।


ਲੇਖਕ : ਰਘਬੀਰ ਸਿੰਘ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 5143, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-17, ਹਵਾਲੇ/ਟਿੱਪਣੀਆਂ: no

ਅਹਿਮਦ ਗੁੱਜਰ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ

ਅਹਿਮਦ ਗੁੱਜਰ : ਇਹ ਕਵੀ ਔਰੰਗਜ਼ੇਬ ਆਲਮਗੀਰ ਦਾ ਸਮਕਾਲੀ ਸੀ। ਇਸ ਦੇ ਜਨਮ-ਸਥਾਨ ਅਤੇ ਜਨਮ ਤੇ ਮਰਨ ਦੀ ਮਿਤੀ ਬਾਰੇ ਤਾਂ ਕੁਝ ਪਤਾ ਨਹੀਂ ਲਗਦਾ ਪਰ ਇਸ ਦੇ ਹੀਰ ਦੇ ਕਿੱਸੇ ਦੇ ਆਖ਼ਰੀ ਬੰਦ––‘ਸੰਨ ਬੀਸ ਤੇ ਚਾਰ ਔਰੰਗਸ਼ਾਹੀ, ਕਥਾ ਹੀਰ ਤੇ ਰਾਂਝੇ ਦੀ ਹੋਈ ਪੂਰੀ’ (233) ਤੋਂ ਸਿਰਫ਼ ਇੰਨਾ ਹੀ ਪਤਾ ਲਗਦਾ ਹੈ ਕਿ ਅਹਿਮਦ ਗੁੱਜਰ ਨੇ ਇਹ ਕਿੱਸਾ ਔਰੰਗਜ਼ੇਬ ਦੇ ਜਲੂਸੀ ਸੰਨ 24 ਮੁਤਾਬਿਕ ਸੰਨ 1680 ਈ. ਵਿਚ ਲਿਖ ਕੇ ਮੁਕੰਮਲ ਕੀਤਾ ਸੀ।

          ਪੰਜਾਬੀ ਸਾਹਿਤ ਵਿਚ ਹੀਰ ਦਮੋਦਰ ਤੋਂ ਮਗਰੋਂ ਅਹਿਮਦ ਗੁੱਜਰ ਦੀ ਹੀਰ ਦੀ ਦੂਜੀ ਥਾਂ ਹੈ। ਇਸ ਦੀ ਕੋਈ ਮੁਕੰਮਲ ਕਾਪੀ ਨਹੀਂ ਮਿਲਦੀ, ਸਿਰਫ਼ ਇਕ ਅਧੂਰੀ ਜਿਹੀ ਫ਼ਾਰਸੀ ਅੱਖਰਾਂ ਦੀ ਮਿਲਦੀ ਹੈ। ‘ਰਾਜ-ਭਵਨ ਲਾਇਬਰੇਰੀ’ ਮੋਤੀ ਬਾਗ, ਪਟਿਆਲਾ ਤੇ ‘ਸੈਂਟ੍ਰਲ ਪਬਲਿਕ ਲਾਇਬਰੇਰੀ’, ਪਟਿਆਲਾ’ ਵਿਚ ਇਸ ਦੇ ਦੋ ਨੁਸਖ਼ੇ ਗੁਰਮੁਖੀ ਅੱਖਰਾਂ ਵਿਚ ਲਿਖੇ ਹੋਏ ਮੌਜੂਦ ਹਨ। ਹੀਰ ਅਹਿਮਦ ਗੁੱਜਰ ਦੇ ਕੁਲ ਬੰਦ 233 ਹਨ।

          ਅਹਿਮਦ ਗੁੱਜਰ ਦੀ ਬੋਲੀ ਕਿੱਸਾਕਾਰੀ ਦੇ ਪੱਖੋਂ ਬੜੀ ਮਾਂਜੀ ਸੰਵਾਰੀ ਤੇ ਠੁੱਕਦਾਰ ਹੈ। ਇਹ ਰਾਵੀ ਤੇ ਝਨਾਂ ਦੇ ਦਰਮਿਆਨੀ ਇਲਾਕੇ ਦੀ ਬੋਲੀ ਨਾਲ ਮਿਲਦੀ ਜੁਲਦੀ ਹੈ। ਕਿੱਸੇ ਵਿਚ ਦੋ ਤੋਂ ਲੈ ਕੇ ਬਾਰਾਂ ਤੁਕਾਂ ਤਕ ਦੇ ਬੰਦ ਮਿਲਦੇ ਹਨ।

ਹ. ਪੁ.––ਅਦਬਿ ਪੰਜਾਬ, ਲਾਹੌਰ।


ਲੇਖਕ : ਸ਼ਮਸ਼ੇਰ ਸਿੰਘ ‘ਅਸ਼ੋਕ’,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 4265, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-07-08, ਹਵਾਲੇ/ਟਿੱਪਣੀਆਂ: no

ਅਹਿਮਦ ਗੁੱਜਰ ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ

ਅਹਿਮਦ ਗੁੱਜਰ  : ਇਹ ਕਵੀ ਔਰੰਗਜ਼ੇਬ ਆਲਮਗੀਰ ਦਾ ਸਮਕਾਲੀ ਸੀ। ਇਸ ਦੇ ਜਨਮ ਸਥਾਨ ਅਤੇ ਮਰਨ ਦੀ ਮਿਤੀ ਦਾ ਪੱਕਾ ਪਤਾ ਨਹੀਂ ਲਗਦਾ ਪਰ ਇਸ ਦੇ ਲਿਖੇ ਹੀਰ ਦੇ ਕਿੱਸੇ ਦੇ ਆਖ਼ਰੀ ਬੰਦ ਤੋਂ ਇਹ ਪ੍ਰਤੀਤ ਹੁੰਦਾ ਹੈ ਕਿ ਇਹ ਕਿੱਸਾ ਇਸ ਨੇ 1692 ਈ. ਵਿਚ ਲਿਖ ਕੇ ਮੁਕੰਮਲ ਕੀਤਾ ਸੀ। ਕਵੀ ਆਪ ਲਿਖਦਾ ਹੈ :

                ਸੰਨ ਚਾਰ ਤੇ ਤੀਹ (34) ਔਰੰਗ ਸ਼ਾਹੀ

                ਕਥਾ ਹੀਰ ਤੇ ਰਾਂਝੇ ਦੀ ਹੋਈ ਪੂਰੀ

                ਔਰੰਗਜ਼ੇਬ 1658 ਈ. ਵਿਚ ਤਖਤ ਤੇ ਬੈਠਾ ਅਤੇ ਅਹਿਮਦ ਨੇ ਚੌਂਤੀਵੇਂ ਸਾਲ ਅਰਥਾਤ 1658+34 = 1692 ਈ. ਵਿਚ ਇਹ ਕਥਾ ਪੂਰੀ ਕੀਤੀ।

        ਅਹਿਮਦ ਰਚਿਤ 'ਹੀਰ' ਕਿੱਸੇ ਦੇ 183 ਬੰਦ ਹਨ। ਬੈਂਤ ਵਿਚ ਹੀਰ ਦਾ ਕਿੱਸਾ ਲਿਖਣ ਵਾਲਾ ਇਹ ਪਹਿਲਾ ਪੰਜਾਬੀ ਕਵੀ ਹੈ।

        ਇਸ ਦੀ ਬੋਲੀ ਕਿੱਸਾਕਾਰੀ ਦੇ ਪੱਖੋਂ ਮਾਂਜੀ ਸੰਵਾਰੀ ਹੈ। ਪੰਜਾਬੀ ਦੇ ਹੀਰ ਸਾਹਿਤ ਵਿਚ ਦਮੋਦਰ ਤੋਂ ਪਿੱਛੋਂ ਇਸ ਦਾ ਨਾਂ ਆਉਂਦਾ ਹੈ।


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 1732, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2017-10-23-02-18-29, ਹਵਾਲੇ/ਟਿੱਪਣੀਆਂ: ਹ. ਪੁ.–ਪੰ. ਵਿ. ਕੋ. 1 : 200

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.